ਕਾਂਗਰਸ ਪ੍ਰਧਾਨ ਨੇ ਪੋਚੀ ਰਾਣਾ ਗੁਰਜੀਤ ਦੀ ਫੱਟੀ

403

ਇਮਰਾਨ ਖ਼ਾਨ

ਜਲੰਧਰ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਣਾ ਗੁਰਜੀਤ ਵੱਲੋਂ ਬਾਦਲ ਸਰਕਾਰ ਨੂੰ ਦਿੱਤੀ ਕਲੀਨ ਚਿੱਟ ਨੂੰ ਚੁਨੌਤੀ ਦਿੰਦਿਆਂ ਮੁੱਖ ਮੰਤਰੀ ਨੂੰ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੀ ਜਾਂਚ ਕਰਵਾਉਣ ਬਾਰੇ ਚਿੱਠੀ ਲਿਖੀ ਹੈ। ਜਾਖੜ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਬਣੇ ਬਿਜਲੀ ਤਾਪ ਘਰ ਦੇ ਸੰਚਾਲਨ ਦੀ ਨਿਲਾਮੀ ਸਹੀ ਤਰੀਕੇ ਨਾਲ ਨਹੀਂ ਹੋਈ। 1981 ਮੈਗਾਵਾਟ ਦੀ ਸਮਰੱਥਾ ਵਾਲੇ ਪਾਵਰ ਪਲਾਂਟ ਨੂੰ ਅਕਾਲੀ ਸਰਕਾਰ ਨੇ 2008 ਵਿੱਚ ਹਰੀ ਝੰਡੀ ਦਿੱਤੀ ਸੀ। ਇਸ ਨੂੰ ਵੇਦਾਂਤਾ ਨਾਂ ਦੀ ਕੰਪਨੀ ਚਲਾ ਰਹੀ ਹੈ।ਕਾਂਗਰਸ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦਾ ਕਹਿਣਾ ਹੈ, “ਮੈਂ ਪਹਿਲਾਂ ਵੀ ਤਲਵੰਡੀ ਸਾਬੋ ਪਲਾਂਟ ਦੀ ਗ਼ਲਤ ਤਰੀਕੇ ਨਾਲ ਹੋਈ ਬੋਲੀ ਬਾਰੇ ਇਲਜ਼ਾਮ ਲਾਉਂਦਾ ਸੀ ਕਿ ਜਿਸ ਕੰਪਨੀ ਨੇ ਬਿੱਡ ਪਾਈ ਸੀ, ਉਹ ਕੁਆਲੀਫ਼ਾਈ ਹੀ ਨਹੀਂ ਸੀ ਕਰਦੀ। ਤਲਵੰਡੀ ਸਾਬੋ ਪਲਾਂਟ ਲਈ ਜਿਸ ਕੰਪਨੀ ਨੇ ਬਿੱਡ ਪਾਈ ਸੀ, ਉਸ ਦੀ ਫਾਇਨਾਂਸ਼ੀਅਲ ਸਮਰੱਥਤਾ ਓਨੀ ਨਹੀਂ ਸੀ, ਜਿੰਨੀ ਹੋਣੀ ਚਾਹੀਦੀ ਸੀ।”

ਇਸ ਤੋਂ ਪਹਿਲਾਂ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਕਿਸੇ ਪ੍ਰਾਈਵੇਟ ਥਰਮਲ ਪਲਾਂਟ ਬਾਰੇ ਕੁਝ ਗ਼ਲਤ ਨਹੀਂ ਲੱਭਿਆ, ਇਸ ਲਈ ਉਨ੍ਹਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਪਰ ਅੱਜ ਸੁਨੀਲ ਜਾਖੜ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਚਲਾਉਣ ਵਾਲੀ ਕੰਪਨੀ ਨੇ ਪਲਾਂਟ ਬਣਾਉਣ ਲਈ ਸਫਲ ਬੋਲੀਕਾਰ ਬਣਨ ਲਈ ਨਵੀਂ ਕੰਪਨੀ ਬਣਾਈ। ਅਜਿਹਾ ਉਸ ਨੇ ਪੁਰਾਣੀ ਕੰਪਨੀ ਦੇ ਘੱਟ ਵਿੱਤੀ ਵਸੀਲਿਆਂ ਨੂੰ ਲੁਕਾਉਣ ਲਈ ਕੀਤਾ। ਨਵੀਂ ਕੰਪਨੀ ਦੇ ਵਿੱਤੀ ਸਰੋਤ ਜ਼ਿਆਦਾ ਵਿਖਾ ਕੇ ਗ਼ਲਤ ਤਰੀਕੇ ਨਾਲ ਸਫਲ ਬੋਲੀ ਦਿੱਤੀ।

ਜਾਖੜ ਨੇ ਕਿਹਾ, “ਮੈਨੂੰ ਮੇਰੇ ਇਲਜ਼ਾਮਾਂ ‘ਤੇ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਮੈਂ ਚਾਹੁੰਦਾ ਹਾਂ ਕਿ ਬਿਨਾ ਕਿਸੇ ਭੇਦਭਾਵ ਤੋਂ ਸਾਰੀ ਜਾਂਚ ਸਹੀ ਤਰੀਕੇ ਨਾਲ ਹੋਵੇ। ਮੈਂ ਆਪਣੀਆਂ ਸਾਰੀਆਂ ਗੱਲਾਂ ‘ਤੇ ਅਜੇ ਵੀ ਖੜ੍ਹਾ ਹਾਂ। ਜੇਕਰ ਕੰਪਨੀ ਨੇ ਗ਼ਲਤ ਤਰੀਕੇ ਨਾਲ ਬੋਲੀ ਲਾਈ ਹੈ ਤਾਂ ਉਸ ਨਾਲ ਦੁਬਾਰਾ ਮੁੱਲ ਕਰ ਕੇ ਬਿਜਲੀ ਕੀਮਤਾਂ ਸੋਧੀਆਂ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਦਾ ਕੁਝ ਫਾਇਦਾ ਹੋ ਸਕੇ।”

        Loading…

Our Sponsors
Loading...